15 ਸਤੰਬਰ ਨੂੰ ਪੰਜਾਬ ਦੇ ਸਾਰੇ ਸੇਵਾ ਕੇਂਦਰਾਂ ਦੇ ਹੋਣਗੇ 'ਸ਼ਟਰ ਡਾਊਨ' ਬੰਦ
-ਹਜ਼ਾਰਾਂ ਲੋਕਾਂ ਦੇ ਅਟਕਣਗੇ ਕੰਮ, ਮਈ-ਜੂਨ ਦੀ ਹੜਤਾਲ ਤੋਂ ਬਾਅਦ ਵੀ ਨਹੀਂ ਨਿਕਲਿਆ ਹੱਲ
ਲਖਬੀਰ, ਪੰਜਾਬੀ ਜਾਗਰਣ, ਜਲੰਧਰ
ਪੰਜਾਬ ਦੇ ਲੋਕਾਂ ਲਈ 15 ਸਤੰਬਰ ਦੀ ਤਰਕੀ ਭਾਰੀ ਪੈ ਸਕਦੀ ਹੈ। ਸੂਬੇ ਭਰ ਦੇ ਸਾਰੇ ਸੇਵਾ ਕੇਂਦਰ ਇਸ ਦਿਨ ਪੂਰੀ ਤਰ੍ਹਾਂ ਬੰਦ ਰਹਿਣਗੇ। ਪੰਜਾਬ ਸੇਵਾ ਕੇਂਦਰ ਕਰਮਚਾਰੀ ਯੂਨੀਅਨ ਨੇ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦਾ ਹੱਲ ਨਾ ਹੋਣ ਦੇ ਵਿਰੋਧ 'ਚ ਇਕ ਦਿਨ ਦੇ ਮੁਕੰਮਲ ਬੰਦ ਦਾ ਐਲਾਨ ਕਰ ਦਿੱਤਾ ਹੈ। ਮਈ-ਜੂਨ 'ਚ ਵੀ ਸੂਬੇ ਭਰ 'ਚ ਹੜਤਾਲ ਹੋਈ ਸੀ। ਉਸ ਵੇਲੇ ਗੱਲਬਾਤ ਤੋਂ ਬਾਅਦ ਹੜਤਾਲ ਖਤਮ ਹੋਈ ਪਰ ਯੂਨੀਅਨ ਦਾ ਦਾਅਵਾ ਹੈ ਕਿ ਮੰਗਾਂ ਦਾ ਹੱਲ ਕਾਗਜ਼ਾਂ ਤੋਂ ਅੱਗੇ ਨਹੀਂ ਵਧਿਆ।
---------------------
ਕਰਮਚਾਰੀਆਂ ਦੀਆਂ ਮੰਗਾਂ ਸਾਫ਼ ਤੇ ਸਪੱਸ਼ਟ
ਯੂਨੀਅਨ ਦੀਆਂ ਮੁੱਖ ਮੰਗਾਂ 'ਚ ਤਨਖਾਹ ਵਧਾਉਣਾ, ਇਕੋ ਕੰਮ ਲਈ ਇੱਕੋ ਤਨਖਾਹ, ਲੰਬੇ ਸਮੇਂ ਤੋਂ ਕੰਮ ਕਰ ਰਹੇ ਕਰਮਚਾਰੀਆਂ ਨੂੰ ਰੈਗੂਲਰ ਕਰਨਾ ਤੇ ਠੇਕੇਦਾਰੀ ਪ੍ਰਬੰਧ ਖਤਮ ਕਰਕੇ ਕਰਮਚਾਰੀਆਂ ਨੂੰ ਸਰਕਾਰ ਜਾਂ ਸਬੰਧਤ ਵਿਭਾਗ ਦੇ ਅਧੀਨ ਲਿਆਉਣਾ ਸ਼ਾਮਲ ਹੈ। ਇਸ ਤੋਂ ਇਲਾਵਾ ਸਮੇਂ ਸਿਰ ਤਨਖ਼ਾਹ, ਨੌਕਰੀ ਦੀ ਸੁਰੱਖਿਆ, ਖਾਲੀ ਅਸਾਮੀਆਂ 'ਤੇ ਭਰਤੀ, ਵਾਧੂ ਡਿਊਟੀ ਦਾ ਬਣਦਾ ਭੁਗਤਾਨ, ਛੁੱਟੀਆਂ ਦਾ ਲਾਭ ਤੇ ਸੇਵਾ ਕੇਂਦਰਾਂ 'ਚ ਬੁਨਿਆਦੀ ਸਹੂਲਤਾਂ ਦੇਣ ਦੀ ਮੰਗ ਵੀ ਕੀਤੀ ਜਾ ਰਹੀ ਹੈ।
---------------------------
ਹੁਣ ਸਰਕਾਰ ਨਾਲੋਂ ਲੋਕ ਵਧ ਚਿੰਤਤ
15 ਸਤੰਬਰ ਨੂੰ ਜੇ ਸੇਵਾ ਕੇਂਦਰਾਂ ਦੇ ਸ਼ਟਰ ਡਾਊਨ ਰਹੇ ਤਾਂ ਸਭ ਤੋਂ ਪਹਿਲੀ ਮਾਰ ਆਮ ਲੋਕਾਂ 'ਤੇ ਪਵੇਗੀ। ਕੋਈ ਪਰਿਵਾਰ ਬੱਚੇ ਦਾ ਜਨਮ ਸਰਟੀਫਿਕੇਟ ਬਣਵਾਉਣ ਆਵੇਗਾ, ਕੋਈ ਰਿਹਾਇਸ਼ੀ ਜਾਂ ਜਾਤੀ ਸਰਟੀਫਿਕੇਟ ਲਈ, ਕਿਸੇ ਦਾ ਪੈਨਸ਼ਨ ਨਾਲ ਜੁੜਿਆ ਕੰਮ ਹੋਵੇਗਾ ਤੇ ਕੋਈ ਨੌਕਰੀ, ਦਾਖਲੇ ਜਾਂ ਸਕਾਲਰਸ਼ਿਪ ਲਈ ਜ਼ਰੂਰੀ ਦਸਤਾਵੇਜ਼ ਲੈਣ ਪਹੁੰਚੇਗਾ ਪਰ ਸੇਵਾ ਕੇਂਦਰ ਬੰਦ ਹੋਣ ਕਾਰਨ ਇਨ੍ਹਾਂ ਸਾਰਿਆਂ ਨੂੰ ਇਕ ਦਿਨ ਹੋਰ ਉਡੀਕ ਕਰਨੀ ਪਵੇਗੀ। ਦੂਰ-ਦੁਰਾਡੇ ਪਿੰਡਾਂ ਤੋਂ ਆਉਣ ਵਾਲਿਆਂ ਦੀ ਮੁਸ਼ਕਲ ਹੋਰ ਵੱਡੀ ਹੈ।
-------------------------
ਇਕ ਦਿਨ ਦਾ ਬੰਦ, ਪਰੇਸ਼ਾਨੀ ਕਈ ਦਿਨਾਂ ਦੀ!
ਮਾਮਲਾ ਸਿਰਫ 15 ਸਤੰਬਰ ਦਾ ਨਹੀਂ। ਉਸ ਦਿਨ ਦੇ ਹਜ਼ਾਰਾਂ ਪੈਂਡਿੰਗ ਕੰਮ ਅਗਲੇ ਦਿਨਾਂ 'ਚ ਸੇਵਾ ਕੇਂਦਰਾਂ 'ਤੇ ਭੀੜ ਵਧਾ ਸਕਦੇ ਹਨ। ਲੋਕਾਂ ਨੂੰ ਟੋਕਨ, ਕਤਾਰ ਤੇ ਆਪਣੀ ਵਾਰੀ ਲਈ ਹੋਰ ਉਡੀਕ ਕਰਨੀ ਪੈ ਸਕਦੀ ਹੈ। ਇਕ ਪਾਸੇ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਮੁੜ ਮੈਦਾਨ 'ਚ ਹਨ, ਦੂਜੇ ਪਾਸੇ ਹਜ਼ਾਰਾਂ ਪਰਿਵਾਰਾਂ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹਨ ਕਿ ਉਨ੍ਹਾਂ ਦੇ ਸਰਕਾਰੀ ਕੰਮ ਮੁੜ ਹੜਤਾਲ ਦੀ ਭੇਟ ਚੜ੍ਹਦੇ ਹਨ ਜਾਂ ਸਰਕਾਰ ਸਮੇਂ ਸਿਰ ਕੋਈ ਹੱਲ ਕੱਢਦੀ ਹੈ।
(0)Comments