ਮਾਤਾ ਭੱਦਰਕਾਲੀ ਮੰਦਿਰ ਸ਼ੇਖੂਪੁਰ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਨਮ ਅਸ਼ਟਮੀ
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਮਾਤਾ ਭੱਦਰਕਾਲੀ ਮੰਦਿਰ ਸ਼ੇਖੂਪੁਰ ਵਿਖੇ ਪ੍ਰਧਾਨ ਪ੍ਰਸ਼ੋਤਮ ਪਾਸੀ ਦੀ ਅਗਵਾਈ ਹੇਠ ਮੰਦਿਰ ਪਰਿਸਰ ਵਿੱਚ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ, ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੰਦਿਰ ਵਿੱਚ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਕੇ ਭਗਵਾਨ ਸ੍ਰੀ ਕ੍ਰਿਸ਼ਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਪ੍ਰਧਾਨ ਪ੍ਰਸ਼ੋਤਮ ਪਾਸੀ ਤੇ ਚੇਅਰਮੈਨ ਰਾਧੇ ਸ਼ਿਆਮ ਸ਼ਰਮਾ ਨੇ ਕਿਹਾ ਕਿ ਜਨਮ ਅਸ਼ਟਮੀ ਸਾਨੂੰ ਭਗਵਾਨ ਸ੍ਰੀ ਕ੍ਰਿਸ਼ਨ ਵੱਲੋਂ ਦਿੱਤੇ ਧਰਮ, ਸੱਚਾਈ, ਨਿਆਂ ਤੇ ਮਨੁੱਖਤਾ ਦੇ ਸੰਦੇਸ਼ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦੀ ਪ੍ਰੇਰਣਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਨੇ ਗੀਤਾ ਰਾਹੀਂ ਮਨੁੱਖ ਨੂੰ ਆਪਣੇ ਕਰਤੱਵ ਪ੍ਰਤੀ ਇਮਾਨਦਾਰੀ ਨਾਲ ਚੱਲਣ ਤੇ ਬਿਨਾਂ ਕਿਸੇ ਫਲ ਦੀ ਇੱਛਾ ਕੀਤੇ ਆਪਣਾ ਕਰਮ ਕਰਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਧਾਰਮਿਕ ਤਿਉਹਾਰਾਂ ਨੂੰ ਆਪਸੀ ਭਾਈਚਾਰੇ, ਪਿਆਰ ਤੇ ਸਦਭਾਵਨਾ ਨਾਲ ਮਨਾਉਣ। ਸਮਾਗਮ ਦੌਰਾਨ ਮੰਦਿਰ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਦੇ ਜੈਕਾਰਿਆਂ ਨਾਲ ਪੂਰਾ ਵਾਤਾਵਰਨ ਭਗਤੀਮਈ ਹੋ ਗਿਆ। ਇਸ ਮੌਕੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਬਾਲ ਸਰੂਪ ਵਿੱਚ ਆਏ ਬੱਚਿਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਵਾਈਸ ਚੇਅਰਮੈਨ ਭੁਪਿੰਦਰ ਆਨੰਦ, ਜਨਰਲ ਸਕੱਤਰ ਬਿੰਨੀ ਆਨੰਦ, ਸੀਨੀਅਰ ਮੀਤ ਪ੍ਰਧਾਨ ਤਰੁਣ ਬਹਿਲ, ਅਭਿਸ਼ੇਕ ਆਨੰਦ, ਮੀਤ ਪ੍ਰਧਾਨ ਨਰੇਸ਼ ਸ਼ਰਮਾ, ਸਕੱਤਰ ਪ੍ਰਮੋਦ ਕਾਲੀਆ, ਸੰਗਠਨ ਸਕੱਤਰ ਸੰਜੀਵ ਸ਼ਰਮਾ, ਮੀਡੀਆ ਇੰਚਾਰਜ ਸੋਨੂੰ ਪੰਡਿਤ, ਸੁਨੀਲ ਸ਼ਰਮਾ, ਕੈਪਟਨ ਦਰਸ਼ਨ ਲਾਲ ਆਦਿ ਹਾਜ਼ਰ ਸਨ।
(0)Comments