ਖੰਨਾ (ਲੁਧਿਆਣਾ): ਖੰਨਾ ਦੇ ਪਿੰਡ ਮੋਹਨਪੁਰ ਵਿੱਚ 11 ਸਾਲਾ ਫੁੱਟਬਾਲ ਖਿਡਾਰਣ ਰੇਨੂ ਦੀ ਸ਼ੱਕੀ ਹਲਾਤ ਵਿੱਚ ਮੌਤ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ। ਰੇਨੂ ਪੜ੍ਹਾਈ ਦੇ ਨਾਲ-ਨਾਲ ਫੁੱਟਬਾਲ ਖੇਡਣ ਦੀ ਸ਼ੌਕੀਨ ਸੀ ਅਤੇ ਬਲਾਕ, ਜ਼ਿਲ੍ਹਾ ਪੱਧਰ ਉਪਰ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਇਨਾਮ ਅਤੇ ਟਰਾਫੀਆਂ ਵੀ ਜਿੱਤ ਚੁੱਕੀ ਸੀ। ਪਰਿਵਾਰ ਮੁਤਾਬਕ ਉਹ ਖੇਡਾਂ ਦੇ ਖੇਤਰ ਵਿੱਚ ਆਪਣਾ ਭਵਿੱਖ ਬਣਾਉਣ ਦੇ ਸੁਪਨੇ ਦੇਖ ਰਹੀ ਸੀ।
'ਕਿਰਾਏ ਦੇ ਕਮਰੇ ਵਿੱਚੋਂ ਮਿਲੀ ਲਾਸ਼'ਰੇਨੂ ਦੀ ਲਾਸ਼ ਸੋਮਵਾਰ ਸ਼ਾਮ ਉਸ ਕਿਰਾਏ ਦੇ ਕਮਰੇ ਵਿੱਚੋਂ ਮਿਲੀ, ਜਿੱਥੇ ਉਹ ਆਪਣੇ ਪਰਿਵਾਰ ਨਾਲ ਰਹਿੰਦੀ ਸੀ। ਘਟਨਾ ਸਮੇਂ ਉਸ ਦੇ ਮਾਤਾ-ਪਿਤਾ ਕਾਲਜ ਵਿੱਚ ਮਿਹਨਤ-ਮਜ਼ਦੂਰੀ ਕਰਨ ਗਏ ਹੋਏ ਸਨ। ਸ਼ਾਮ ਨੂੰ ਮਕਾਨ ਮਾਲਕ ਵੱਲੋਂ ਸੂਚਨਾ ਮਿਲਣ 'ਤੇ ਮਾਤਾ-ਪਿਤਾ ਘਰ ਪਹੁੰਚੇ ਤਾਂ ਰੇਨੂ ਮ੍ਰਿਤ ਹਾਲਤ ਵਿੱਚ ਮਿਲੀ।
'ਅੰਤਮ ਸਸਕਾਰ ਰੋਕਿਆ ਗਿਆ'ਪਰਿਵਾਰ ਵੱਲੋਂ ਰੇਨੂ ਦੇ ਅੰਤਮ ਸਸਕਾਰ ਦੀ ਤਿਆਰੀ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲਿਸ ਨੂੰ ਮੌਤ ਦੀ ਸੂਚਨਾ ਮਿਲੀ। ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੰਤਮ ਸੰਸਕਾਰ ਰੁਕਵਾ ਦਿੱਤਾ ਅਤੇ ਸਿਵੇ ਤੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਬਾਅਦ ਵਿੱਚ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ। ਇਸ ਕਾਰਨ ਅੰਤਮ ਸੰਸਕਾਰ ਦੀ ਕਾਰਵਾਈ ਵੀ ਰੋਕ ਦਿੱਤੀ ਗਈ।
'ਫੁੱਟਬਾਲ ਦੀ ਵਧੀਆ ਖਿਡਾਰਣ'
ਮ੍ਰਿਤਕਾ ਦੇ ਪਿਤਾ ਰਾਮ ਕਿਸ਼ਨ ਨੇ ਦੱਸਿਆ ਕਿ, 'ਉਨ੍ਹਾਂ ਦੀਆਂ ਪੰਜ ਧੀਆਂ ਹਨ ਅਤੇ ਰੇਨੂ ਸਭ ਤੋਂ ਛੋਟੀ ਸੀ। ਉਹ ਛੇਵੀਂ ਜਮਾਤ ਵਿੱਚ ਪੜ੍ਹਦੀ ਸੀ। ਰੇਨੂ ਨੂੰ ਫੁੱਟਬਾਲ ਨਾਲ ਖ਼ਾਸ ਲਗਾਅ ਸੀ ਅਤੇ ਉਸ ਨੇ ਕਈ ਮੁਕਾਬਲਿਆਂ ਵਿੱਚ ਭਾਗ ਲੈ ਕੇ ਇਨਾਮ ਹਾਸਲ ਕੀਤੇ ਸਨ। ਪਰਿਵਾਰ ਲਈ ਉਸ ਦੀ ਮੌਤ ਨਾਲ ਨਾ ਸਿਰਫ਼ ਇੱਕ ਧੀ, ਸਗੋਂ ਇੱਕ ਉਭਰਦੀ ਖਿਡਾਰਣ ਵੀ ਉਨ੍ਹਾਂ ਤੋਂ ਖੋਹ ਲਈ ਗਈ ਹੈ।'
'ਪੁਲਿਸ ਕਰ ਰਹੀ ਕਾਰਵਾਈ'ਪਰਿਵਾਰ ਵੱਲੋਂ ਮੌਤ ਨੂੰ ਖੁਦਕੁਸ਼ੀ ਦੱਸਿਆ ਗਿਆ ਹੈ, ਪਰ ਪੁਲਿਸ ਨੇ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਚਰਨਜੀਤ ਸਿੰਘ ਨੇ ਦੱਸਿਆ ਕਿ,' ਪੁਲਿਸ ਨੂੰ ਪਿੰਡ ਦੇ ਸਰਪੰਚ ਰਾਹੀਂ ਸੂਚਨਾ ਮਿਲੀ ਸੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਅੰਤਮ ਸੰਸਕਾਰ ਰੁਕਵਾਇਆ ਅਤੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ। ਪੁਲਿਸ ਵੱਲੋਂ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਬਾਰੇ ਸਪੱਸ਼ਟਤਾ ਮਿਲ ਸਕੇਗੀ।'
(0)Comments